ਸੱਚੀ ਮਿੱਤਰਤਾ

Originally published in pa
Reactions 0
511
Kiran
Kiran 21 Aug, 2019 | 1 min read

ਮਿੱਤਰ ਦਾ ਮਨੁੱਖੀ ਜੀਵਨ ਵਿੱਚ ਬਹੁਤ ਮਹੱਤਵ ਹੈ। ਮਨੁੱਖ ਨੂੰ ਮਿੱਤਰ ਤਾਂ ਬਹੁਤ ਮਿਲ ਜਾਂਦੇ ਹਨ, ਪਰ ਸੱਚੇ ਮਿੱਤਰ ਚੰਗੀ ਕਿਸਮਤ ਨਾਲ ਹੀ ਮਿਲਦੇ ਹਨ। ਇਸ ਗੱਲ ਵਿੱਚ ਭਰਪੂਰ ਸੱਚਾਈ ਹੈ ਕਿ ਮਿੱਤਰ ਤੋਂ ਬਿਨਾਂ ਮਨੁੱਖ ਮਾਨਸਿਕ ਤੌਰ ਤੇ ਤੰਦਰੁਸਤ ਨਹੀਂ ਰਹਿ ਸਕਦਾ।

 ਮਨੁੱਖ ਇੱਕ ਸਮਾਜਿਕ ਪ੍ਰਾਣੀ ਹੈ। ਉਹ ਇਕੱਲਾ ਨਹੀਂ ਰਹਿ ਸਕਦਾ। ਮਨੁੱਖੀ ਜੀਵਨ ਆਪਸ ਵਿੱਚ ਇੱਕ-ਦੂਜੇ ਤੇ ਬਹੁਤ ਨਿਰਭਰ ਕਰਦਾ ਹੈ। ਮਨੁੱਖ ਜਦੋਂ ਘਰ ਤੋਂ ਬਾਹਰ ਕੰਮ ਲਈ ਨਿਕਲਦਾ ਹੈ ਤਾਂ ਉਸ ਦੀ ਜ਼ਿੰਦਗੀ ਵਿੱਚ ਕਈ ਲੋਕ ਆਉਂਦੇ ਹਨ ਪਰ ਉਹ ਹਰ ਇੱਕ ਨਾਲ ਦੁੱਖ-ਸੁੱਖ ਨਹੀਂ ਵੰਡ ਸਕਦਾ। ਉਸ ਨੂੰ ਅਜਿਹੇ ਸੱਜਣ-ਮਿੱਤਰ ਦੀ ਲੋੜ ਮਹਿਸੂਸ ਹੁੰਦੀ ਹੈ, ਜਿਸ ਅੱਗੇ ਉਹ ਆਪਣਾ ਦਿਲ ਖੋਲ ਸਕੇ । ਆਪਣੀ ਇਸ ਲੋੜ ਨੂੰ ਪੂਰਾ ਕਰਨ ਲਈ ਉਹ ਅਜਿਹੇ ਵਿਅਕਤੀ ਦੀ ਚੋਣ ਕਰ ਲੈਂਦਾ ਹੈ, ਜਿਸ ਤੋਂ ਉਸ ਨੂੰ ਆਸ ਹੁੰਦੀ ਹੈ ਕਿ ਉਹ ਹਰ ਦੁੱਖ-ਸੁੱਖ ਵਿੱਚ ਉਸਦਾ ਸੱਚਾ ਸਾਥੀ ਬਣੇਗਾ।

ਦੋ ਵਿਅਕਤੀ ਉਦੋਂ ਹੀ ਸੱਚੇ ਮਿੱਤਰ ਬਣਦੇ ਹਨ, ਜਦੋਂ ਉਹਨਾਂ ਦਾ ਸੁਭਾਅ ਆਪਸ ਵਿੱਚ ਮਿਲਦਾ-ਜੁਲਦਾ ਹੁੰਦਾ ਹੈ। ਤੇ ਉਹਨਾਂ ਦੇ ਵਿਚਾਰ ਵੀ ਇੱਕੋ ਜਿਹੇ ਹੁੰਦੇ ਹਨ। ਜੇ ਉਹਨਾਂ ਵਿੱਚ ਕੋਈ ਮਤਭੇਦ ਵੀ ਹੋ ਜਾਵੇ ਤਾਂ ਵੀ ਉਹਨਾਂ ਦੀ ਮਿੱਤਰਤਾ ਨਹੀਂ ਟੁੱਟਦੀ।ਜੇ ਉਹਨਾਂ ਦੇ ਸਾਹਮਣੇ ਕੋਈ ਵੀ ਦੂਸਰੇ ਦੀ ਬੁਰਾਈ ਕਰੇ ਤਾਂ ਉਹ ਸਹਿਣ ਨਹੀਂ ਕਰ ਸਕਦੇ। ਅਮੀਰੀ ਗਰੀਬੀ ਸੱਚੀ ਮਿੱਤਰਤਾ ਨੂੰ ਨਹੀਂ ਤੋੜ ਸਕਦੀ। ਇਸ ਸੰਬੰਧ ਵਿੱਚ ਕ੍ਰਿਸ਼ਨ ਤੇ ਸੁਦਾਮੇ ਦੀ ਦੋਸਤੀ ਇੱਕ ਬਹੁਤ ਵੱਡੀ ਉਦਾਹਰਨ ਹੈ। ਸ੍ਰੀ ਕ੍ਰਿਸ਼ਨ ਜੀ ਰਾਜਾ ਬਣ ਗਏ ਪਰ ਆਪਣੇ ਮਿੱਤਰ ਲਈ ਪਿਆਰ ਘੱਟ ਨਹੀਂ ਹੋਇਆ।

 ਸੱਚੀ ਮਿੱਤਰਤਾ ਵਿੱਚ ਇੱਕ-ਦੂਜੇ ਕੋਲੋਂ ਕੁੱਝ ਨਹੀਂ ਲੁਕਾਇਆ ਜਾਂਦਾ। ਇੱਕ-ਦੂਜੇ ਨਾਲ ਖੁੱਲ ਕੇ ਦੁੱਖ-ਸੁੱਖ, ਡਰ , ਆਸ ਤੇ ਸ਼ੱਕ ਆਦਿ ਦੇ ਭਾਵ ਸਾਂਝੇ ਕੀਤੇ ਜਾ ਸਕਦੇ ਹਨ। ਅਸੀਂ ਸਾਰੀਆਂ ਗੱਲਾਂ ਸਾਂਝੀਆਂ ਕਰਨ ਤੋਂ ਬਾਅਦ ਹਲਕਾ ਮਹਿਸੂਸ ਕਰਦੇ ਹਾਂ। ਜਿਵੇਂ ਸਰੀਰ ਦੀਆਂ ਬਿਮਾਰੀਆਂ ਲਈ ਦਵਾਈਆਂ ਦੀ ਲੋੜ ਮਹਿਸੂਸ ਹੁੰਦੀ ਹੈ ਉਸੇ ਤਰ੍ਹਾਂ ਦਿਲਦਿਮਾਗ ਦੇ ਰੋਗਾਂ ਲਈ ਸੱਚੇ ਮਿੱਤਰ ਦੀ ਲੋੜ ਹੁੰਦੀ ਹੈ। ਸਾਰੇ ਦੁੱਖ-ਸੁੱਖ ਸਾਂਝ ਕਰਨ ਤੋਂ ਬਾਅਦ ਅਸੀਂ ਖ਼ੁਸ਼ੀ ਮਹਿਸੂਸ ਕਰਦੇ ਹਾਂ।

 ਸੱਚਾ ਮਿੱਤਰ ਹਰ ਮੁਸੀਬਤ ਸਮੇਂ ਸਹੀ ਅਗਵਾਈ ਦਿੰਦਾ ਹੈ। ਕਈ ਵਾਰ ਅਸੀਂ ਉਲਝਣ ਵਿੱਚ ਫਸ ਜਾਂਦੇ ਹਾਂ ਤੇ ਨਿਕਲਣ ਲਈ ਕੋਈ ਰਸਤਾ ਨਹੀਂ ਲੱਭਦਾ। ਕਈ ਵਾਰ ਉਲਝਣ ਵੀ ਇਸ ਤਰ੍ਹਾਂ ਦੀ ਹੁੰਦੀ ਹੈ। ਕਿ ਸਾਰਿਆਂ ਨਾਲ ਸਾਂਝੀ ਨਹੀਂ ਕੀਤੀ ਜਾ ਸਕਦੀ। ਉਸ ਸਮੇਂ ਸਾਨੂੰ ਸੱਚੇ ਮਿੱਤਰ ਕੋਲੋਂ ਵਫ਼ਾਦਾਰੀ ਭਰੀ ਸਲਾਹ ਮਿਲਦੀ ਹੈ। ਕਈ ਵਾਰ ਇਸ ਤਰ੍ਹਾਂ ਦੇ ਮੌਕੇ ਵੀ ਆਉਂਦੇ ਹਨ ਕਿ ਅਸੀਂ ਗਲਤ ਫੈਸਲਾ ਲੈ ਲੈਂਦੇ ਹਾਂ ਉਸ ਸਮੇਂ ਵੀ ਸੱਚਾ ਮਿੱਤਰ ਸਾਡੀ ਕਮੀ ਵੱਲ ਧਿਆਨ ਦੁਆਉਂਦਾ ਹੈ। ਉਹ ਸਾਡੇ ਦਿਲ ਦੇ ਇੰਨਾ ਨੇੜੇ ਹੁੰਦਾ ਹੈ ਕਿ ਸਾਨੂੰ ਉਸ ਦੀ ਕੋਈ ਗੱਲ ਬੁਰੀ ਨਹੀਂ ਲੱਗਦੀ। ਇਸ ਤਰ੍ਹਾਂ ਉਹ ਸਾਡੀ ਜ਼ਿੰਦਗੀ ਵਿੱਚ ਉਸਾਰੂ ਰੋਲ ਅਦਾ ਕਰਦਾ ਹੈ।

ਮਿੱਤਰਤਾ ਦਾ ਇਹ ਬਹੁਤ ਵੱਡਾ ਲਾਭ ਹੁੰਦਾ ਹੈ ਕਿ ਸਾਡੇ ਮਿੱਤਰ ਕੰਮਾਂ ਕਾਰਾਂ ਵਿੱਚ ਸਹਾਇਕ ਬਣਦੇ ਹਨ।ਜਿੰਦਗੀ ਵਿੱਚ ਬਹੁਤ ਸਾਰੇ ਕੰਮ ਇਹੋ ਜਿਹੇ ਹੁੰਦੇ ਹਨ ਜਿਹਨਾਂ ਬਾਰੇ ਨਿਰਣਾ ਕਰਨ ਵਿੱਚ ਸਾਨੂੰ ਕਿਸੇ ਦੀ ਲੋੜ ਮਹਿਸੂਸ ਹੁੰਦੀ ਹੈ। ਉਸ ਸਮੇਂ ਵਫ਼ਾਦਾਰ ਮਿੱਤਰ ਹੀ ਕੰਮ ਆਉਂਦਾ ਹੈ। ਕਈ ਵਾਰ ਕੁੱਝ ਕੰਮ ਅਜਿਹੇ ਹੁੰਦੇ ਹਨ ਜਿਹਨਾਂ ਨੂੰ ਕਰਨ ਸਮੇਂ ਸਾਨੂੰ ਸ਼ਰਮ ਜਾਂ ਹਿਚਕਚਾਹਟ ਹੁੰਦੀ ਹੈ, ਉਹ ਅਸੀਂ ਮਿੱਤਰਾਂ ਰਾਹੀਂ ਕਰਾ ਸਕਦੇ ਹਾਂ। ਸਾਨੂੰ ਕਈ ਇਹੋ ਜਿਹੀਆਂ ਉਦਾਹਰਨਾਂ ਦੇਖਣ ਸੁਣਨ ਨੂੰ ਮਿਲਦੀਆਂ ਹਨ ਕਿ ਕਿਸੇ ਮਹਾਨ ਵਿਅਕਤੀ ਦੀ ਮੌਤ ਮਗਰੋਂ ਉਸ ਦੇ ਸ਼ੁਰੂ ਕੀਤੇ ਕੰਮ ਨੂੰ ਕਿਸੇ ਮਿੱਤਰ ਨੇ ਪੂਰਾ ਕੀਤਾ। ਇਸ ਪ੍ਰਕਾਰ ਸੱਚੀ ਮਿੱਤਰਤਾ ਮਨੁੱਖ ਦੇ ਮਰਨ ਮਗਰੋਂ ਵੀ ਇੱਕ ਤਰ੍ਹਾਂ ਉਸ ਦੇ ਜੀਵਨ ਨੂੰ ਜਾਰੀ ਰੱਖਦੀ ਹੈ।

ਕਈ ਵਾਰ ਮਨੁੱਖ ਦੋਸਤਾਂ ਦੇ ਨਾਲ ਬੈਠਾ ਹੁੰਦਾ ਹੈ ਪਰ ਫਿਰ ਵੀ ਇਕੱਲਾ ਮਹਿਸੂਸ ਕਰਦਾ ਹੈ ਕਿਉਂਕਿ ਉਸ ਦੇ ਨਾਲ ਉਸ ਦਾ ਦਿਲੀ ਦੋਸਤ ਨਹੀਂ ਹੁੰਦਾ। ਸੱਚੇ ਮਿੱਤਰ ਤੋਂ ਬਿਨਾਂ ਦੁਰਦਸ਼ਾ ਭਰੀ ਇਕੱਲ ਵਿੱਚ ਵਿਚਰਨ ਦੇ ਬਰਾਬਰ ਹੁੰਦਾ ਹੈ। ਮਿੱਤਰਾਂ ਦਾ ਸਭ ਕੁੱਝ ਆਪਸ ਵਿੱਚ ਸਾਂਝਾ ਹੁੰਦਾ ਹੈ।ਉਹ ਇੱਕ ਦੂਜੇ ਤੋਂ ਕੋਈ ਭੇਤ ਜਾਂ ਲੁਕਾ ਨਹੀਂ ਰੱਖਦੇ।ਉਹਨਾਂ ਦੇ ਵਿਚਕਾਰ ਕੋਈ ਭਰਮ-ਭੁਲੇਖਾ ਜਾਂ ਅਵਿਸ਼ਵਾਸ ਨਹੀਂ ਹੁੰਦਾ। ਜੇ ਉਹਨਾਂ ਦੀ ਜ਼ਿੰਦਗੀ ਵਿੱਚ ਕੋਈ ਇਸ ਤਰ੍ਹਾਂ ਦੀ ਘੜੀ ਆ ਵੀ ਜਾਵੇ ਤਾਂ ਉਹ ਆਪਸ ਵਿੱਚ ਸੁਲਝਾ ਲੈਂਦੇ ਹਨ।


0 likes

Published By

Kiran

kiran

Comments

Appreciate the author by telling what you feel about the post 💓

Please Login or Create a free account to comment.