ਸਾਂਝੀ ਵਿੱਦਿਆ

Originally published in pa
Reactions 0
517
Kiran
Kiran 25 Aug, 2019 | 1 min read

ਆਧੁਨਿਕ ਯੁੱਗ ਵਿੱਚ ਸਾਡੇ ਦੇਸ਼ ਵਿੱਚ ਕਈ ਤਬਦੀਲੀਆਂ ਆਈਆਂ ਹਨ। ਜੇ ਅਸੀਂ ਬਹੁਤ ਪੁਰਾਣੇ ਸਮੇਂ ਦੀ ਗੱਲ ਕਰੀਏ ਤਾਂ ਲੜਕੀਆਂ ਨੂੰ ਪੜਾਉਣਾ ਜ਼ਰੂਰੀ ਨਹੀਂ ਸਮਝਿਆ ਜਾਂਦਾ ਸੀ। ਕੁੱਝ ਸਮਾਂ ਬੀਤਣ ਤੇ ਲੜਕੀਆਂ ਨੂੰ ਸਕੂਲਾਂ ਦੀ ਵਿੱਦਿਆ ਤੱਕ ਹੀ ਸੀਮਤ ਰੱਖਿਆ ਗਿਆ, ਹੁਣ ਸਮਾਂ ਹੈ ਕਿ ਲੜਕੀਆਂ ਵਿੱਦਿਆ ਵਿੱਚ ਲੜਕਿਆਂ ਦੇ ਮੁਕਾਬਲੇ ਅੱਗੇ ਵੱਧ ਰਹੀਆਂ ਹਨ। ਕੁੱਝ ਸਮਾਂ ਪਹਿਲਾਂ ਲੜਕੇ ਤੇ ਲੜਕੀਆਂ ਨੂੰ ਵਿੱਦਿਆ ਦੇਣ ਲਈ ਵੱਖ-ਵੱਖ ਅਦਾਰੇ ਹੁੰਦੇ ਸਨ ਪਰ ਵਿਗਿਆਨ ਅਤੇ ਤਰੱਕੀ ਦੇ ਵਰਤਮਾਨ ਯੁੱਗ ਵਿੱਚ ਸਾਂਝੀ ਵਿੱਦਿਆ ਨੂੰ ਦੁਨੀਆਂ ਭਰ ਦੇ ਸਾਰੇ ਦੇਸ਼ਾਂ ਵਿੱਚ ਕਾਫ਼ੀ ਮਹੱਤਵਪੂਰਨ ਸਮਝਿਆ ਗਿਆ ਹੈ। ਭਾਰਤ ਵਿੱਚ ਸਾਂਝੀ ਵਿੱਦਿਆ ਦੇ ਕਈ ਸਕੂਲ ਕਾਲਜ ਖੋਲੇ ਗਏ ਹਨ। ਕਈ ਵਿਦਵਾਨ ਸਾਂਝੀ ਵਿੱਦਿਆ ਦੀ ਲੋੜ ਤੇ ਜ਼ੋਰ ਦਿੰਦੇ ਹਨ ਪਰ ਕਈ ਇਸ ਨੂੰ ਬਿਲਕੁਲ ਪਸੰਦ ਨਹੀਂ ਕਰਦੇ। ਪਰੰਤੂ ਹੁਣ ਸਾਂਝੀ ਵਿੱਦਿਆ ਦਾ ਵਿਰੋਧ ਲਗਪੱਗ ਖ਼ਤਮ ਹੋ ਗਿਆ ਹੈ।

 ਸਾਂਝੀ ਵਿੱਦਿਆ ਨਾਲ ਮੁੰਡਿਆਂ-ਕੁੜੀਆਂ ਵਿੱਚ ਪੜਾਈ ਦੇ ਖੇਤਰ ਵਿੱਚ ਮੁਕਾਬਲੇ ਦੀ ਭਾਵਨਾ ਆ ਜਾਂਦੀ ਹੈ। ਉਹ ਇੱਕ-ਦੂਜੇ ਦੀ ਦੇਖਾ-ਦੇਖੀ ਜ਼ਿਆਦਾ ਮਿਹਨਤ ਕਰਦੇ ਹਨ ਤੇ ਚੰਗੇ ਅੰਕ ਪ੍ਰਾਪਤ ਕਰਦੇ ਹਨ। ਇਹ ਮੁਕਾਬਲਾ ਪੜ੍ਹਾਈ ਵਿੱਚ ਹੀ ਨਹੀਂ। ਖੇਡ ਮੁਕਾਬਲਿਆਂ ਤੇ ਹੋਰ ਕਈ ਮੁਕਾਬਲਿਆਂ ਵਿੱਚ ਵੀ ਦੇਖਣ ਨੂੰ ਮਿਲਦਾ ਹੈ। ਇਹ ਲਗਨ, ਮੁਕਾਬਲੇ ਦੀ । ਭਾਵਨਾ ਤੇ ਨਿਝੱਕਤਾ ਉਹਨਾਂ ਵਿੱਚ ਸਾਂਝੀ ਵਿੱਦਿਆ ਹੀ ਪੈਦਾ ਕਰਦੀ ਹੈ।

ਸਾਂਝੀ ਵਿੱਦਿਆ ਨਾਲ ਮੁੰਡੇ-ਕੁੜੀਆਂ ਦੇ ਨੇੜੇ ਰਹਿਣ ਨਾਲ ਆਪਸੀ ਮਿਲਵਰਤਣ ਵੱਧਦਾ ਹੈ। ਮਨੋਵਿਗਿਆਨੀਆਂ ਦੇ ਵਿਚਾਰ ਅਨੁਸਾਰ ਕੁੜੀਆਂ ਮੁੰਡਿਆਂ ਨੂੰ ਦੂਰ-ਦੂਰ ਰੱਖਿਆ ਜਾਵੇ ਤੇ ਆਪਸ ਵਿੱਚ ਬੋਲਣ ਤੋਂ ਮਨ੍ਹਾਂ ਕੀਤਾ ਜਾਵੇ ਤਾਂ ਉਹਨਾਂ ਦਾ ਆਚਰਣ ਵਿਗੜਦਾ ਹੈ ਤੇ ਉਹ ਚੋਰੀ ਛਿਪੇ ਮਿਲਣ ਦੀ ਕੋਸ਼ਸ਼ ਕਰਦੇ ਹਨ। ਜੇ ਉਹਨਾਂ ਨੂੰ ਇਕੱਠੇ ਪੜ੍ਹਨ ਦਿੱਤਾ ਜਾਵੇ ਤਾਂ ਉਹ ਇੱਕਦੂਜੇ ਨਾਲ ਚੰਗੇ ਤਰੀਕੇ ਨਾਲ ਪੇਸ਼ ਆਉਣਗੇ ਤੇ ਇੱਕ ਦੂਜੇ ਨੂੰ ਸਹਿਯੋਗ ਦੇਣਗੇ। ਇਸ ਤਰ੍ਹਾਂ ਕਰਨ ਨਾਲ ਮੁੰਡੇ ਕੁੜੀਆਂ ਪ੍ਰਤੀ ਆਪਣੀ ਜ਼ਿੰਮੇਵਾਰੀ ਜ਼ਿਆਦਾ ਚੰਗੀ ਤਰ੍ਹਾਂ ਨਿਭਾਉਂਦੇ ਹਨ।

ਕਿਹਾ ਜਾਂਦਾ ਹੈ ਕਿ ਕੁੜੀਆਂ ਹਰ ਚੀਜ਼ ਨੂੰ ਸਲੀਕੇ ਨਾਲ ਰੱਖਦੀਆਂ ਹਨ ਪਰ ਮੁੰਡੇ ਕਈ ਵਾਰ ਇਹੋ ਜਿਹੀਆਂ ਗੱਲਾਂ ਵਿੱਚ ਲਾਪ੍ਰਵਾਹੀ ਵਰਤ ਜਾਂਦੇ ਹਨ। ਜੇ ਮੁੰਡੇ ਕੁੜੀਆਂ ਇਕੱਠੇ ਰਹਿਣਗੇ ਤਾਂ ਮੁੰਡੇ ਵੀ ਸਫ਼ਾਈ ਰੱਖਣ ਦੀ ਕੋਸ਼ਸ਼ ਕਰਨਗੇ। ਇਸ ਤਰ੍ਹਾਂ ਉਹਨਾਂ ਦਾ ਆਲਾ-ਦੁਆਲਾ ਸਾਫ਼ ਰਹੇਗਾ ਤੇ ਉਹਨਾਂ ਦੀ ਸਿਹਤ ਉੱਪਰ ਵੀ ਚੰਗਾ ਪ੍ਰਭਾਵ ਪਵੇਗਾ।

 ਸਾਂਝੀ ਵਿੱਦਿਆ ਦਾ ਦੇਸ਼ ਨੂੰ ਵੀ ਬਹੁਤ ਲਾਭ ਹੁੰਦਾ ਹੈ। ਸਾਂਝੀ ਵਿੱਦਿਆ ਨਾਲ ਸਰਕਾਰ ਨੂੰ ਸਕੂਲ, ਕਾਲਜ ਘੱਟ ਖੋਲਣੇ ਪੈਣਗੇ। ਇਮਾਰਤਾਂ ਤੇ ਘੱਟ ਖ਼ਰਚਾ ਹੋਵੇਗਾ, ਅਧਿਆਪਕ ਘੱਟ ਨਿਯੁਕਤ ਕਰਨੇ ਪੈਣਗੇ।

ਕੁੜੀਆਂ ਨੂੰ ਅਕਸਰ ਮਹਿਸੂਸ ਹੁੰਦਾ ਹੈ ਕਿ ਉਹਨਾਂ ਨਾਲ ਮੁੰਡਿਆਂ ਵਰਗਾ ਚੰਗਾ ਵਰਤਾਓ ਨਹੀਂ ਕੀਤਾ ਜਾਂਦਾ, ਭਾਵੇਂ ਸਾਡੇ ਦੇਸ਼ ਦੇ ਵਿਧਾਨ ਵਿੱਚ ਇਸਤਰੀ-ਪੁਰਸ਼ ਨੂੰ ਬਰਾਬਰ ਹੱਕ ਦਿੱਤੇ ਗਏ ਹਨ ਪਰ ਅਜੇ ਵੀ ਕਈ ਥਾਵਾਂ ਤੇ ਇਸਤਰੀਆਂ ਨੂੰ ਪੁਰਸ਼ਾਂ ਨਾਲੋਂ ਨੀਵਾਂ ਸਮਝਿਆ ਜਾਂਦਾ ਹੈ। ਇਹ ਬਰਾਬਰੀ ਵਿੱਦਿਅਕ ਸੰਸਥਾਵਾਂ ਵਿੱਚ ਵੀ ਹੋਣੀ ਜ਼ਰੂਰੀ ਹੈ ਕਿਉਂਕਿ ਇਸ ਨਾਲ ਇਸਤਰੀ-ਪੁਰਸ਼ ਵਿੱਚ ਬਰਾਬਰੀ ਦੇ ਭਾਵ ਬਚਪਨ ਤੋਂ ਹੀ ਪ੍ਰਫੁੱਲਤ ਹੁੰਦੇ ਹਨ।

 ਕਈ ਵਾਰ ਬਜ਼ੁਰਗਾਂ ਨੂੰ ਲੱਗਦਾ ਹੈ ਕਿ ਨੌਜ਼ਆਨ ਮੁੰਡੇ ਕੁੜੀਆਂ ਇੱਕ-ਦੂਜੇ ਦੀ ਯੋਗਤਾ ਕਰਕੇ ਇੱਕ ਦੂਜੇ ਦੇ ਨੇੜੇ ਨਹੀਂ ਹੁੰਦੇ, ਉਹਨਾਂ ਵਿੱਚ ਇੱਕ-ਦੂਜੇ ਪ੍ਰਤੀ ਕੁਦਰਤੀ ਖਿੱਚ ਹੁੰਦੀ ਹੈ। ਕਈ ਵਾਰੀ ਇਹੋ ਜਿਹੀਆਂ ਗੱਲਾਂ ਸੱਚ ਵੀ ਸਾਬਤ ਹੁੰਦੀਆਂ ਹਨ ਤੇ ਇਹਨਾਂ ਦੇ ਨਤੀਜੇ ਵੀ ਭਿਆਨਕ ਹੁੰਦੇ ਹਨ। ਜੇ ਅਸੀਂ ਸੋਚੀਏ ਤਾਂ ਸਾਨੂੰ ਅਹਿਸਾਸ ਹੋਵੇਗਾ ਕਿ ਇਹ ਸਾਂਝੀ ਵਿੱਦਿਆ ਦਾ ਕਸੂਰ ਨਹੀਂ, ਸਗੋਂ ਵਿੱਦਿਆ ਦੇਣ ਦੇ ਵਰਤਮਾਨ ਢੰਗ ਦਾ ਕਸੂਰ ਹੈ। ਵਿਦਿਆਰਥੀਆਂ ਨੂੰ ਇਹ ਸਿੱਖਿਆ ਨਹੀਂ ਦਿੱਤੀ ਜਾਂਦੀ ਕਿ ਉਹਨਾਂ ਨੇ ਕਿਸ ਤਰ੍ਹਾਂ ਮੁਕਾਬਲੇ ਦੀ ਭਾਵਨਾ ਨਾਲ ਇੱਕ ਦੂਜੇ ਤੋਂ ਵੱਧ ਮਿਹਨਤ ਕਰਨੀ ਹੈ। ਸਗੋਂ ਉਹਨਾਂ ਨੂੰ ਇੱਕ ਦੂਜੇ ਤੋਂ ਦੂਰ ਰੱਖਣ ਦੀ ਕੋਸ਼ਸ਼ ਕੀਤੀ ਜਾਂਦੀ ਹੈ। ਮਾਂ ਬਾਪ ਤੇ ਅਧਿਆਪਕ ਵੀ ਉਹਨਾਂ ਨੂੰ ਇਹੀ ਸਮਝਾਉਂਦੇ ਹਨ ਕਿ ਆਪਸ ਵਿੱਚ ਜ਼ਿਆਦਾ ਗੱਲਬਾਤ ਨਹੀਂ ਕਰਨੀ, ਜਿਸ ਨਾਲ ਉਹ ਇਹ ਸੋਚਦੇ ਹਨ ਕਿ ਸਾਨੂੰ ਗੱਲ ਬਾਤ ਤੋਂ ਕਿਉਂ ਮਨ੍ਹਾਂ ਕੀਤਾ ਜਾਂਦਾ ਹੈ।ਇਸ ਦੇ ਫਲਸਰੂਪ ਆਪਸ ਵਿੱਚ ਇਸ ਚਰਚਾ ਵਿੱਚ ਹੀ ਪਏ ਰਹਿੰਦੇ ਹਨ।ਵਰਤਮਾਨ ਮਨੋਵਿਗਿਆਨੀ ਤਾਂ ਕਹਿੰਦੇ ਹਨ ਕਿ ਮੁੰਡੇ ਕੁੜੀਆਂ ਨੂੰ ਸੈਕਸ ਬਾਰੇ ਪੂਰਾ ਗਿਆਨ ਦੇਣਾ ਚਾਹੀਦਾ ਹੈ, ਇਸ ਨਾਲ ਉਹ ਆਪਣੇ ਸਰੀਰ ਤੇ ਭਵਿੱਖ ਬਾਰੇ ਪੂਰੀ ਤਰ੍ਹਾਂ ਸੁਚੇਤ ਰਹਿੰਦੇ ਹਨ। ਜੇ ਮੰਡੇ-ਕੁੜੀਆਂ ਇਸ ਬਾਰੇ ਜਾਗਰੂਕ ਹੋਣਗੇ ਤਾਂ ਸ਼ਾਇਦ ਏਡਜ਼ ਵਰਗੀ ਬਿਮਾਰੀ ਫੈਲਣੀ ਘੱਟ ਹੋ ਜਾਵੇਗੀ। ਸੋ ਇਹ ਜਾਗਰੂਕਤਾ ਪਾਠਕ੍ਰਮ ਵਿੱਚ ਪੜ੍ਹਾਈ ਦਾ ਹਿੱਸਾ ਹੋਣੀ ਚਾਹੀਦੀ ਹੈ।

ਕੁੱਝ ਲੋਕ ਇਹ ਵੀ ਕਹਿੰਦੇ ਹਨ ਕਿ ਕੁੜੀਆਂ ਮੁੰਡਿਆਂ ਦੇ ਵਿਸ਼ੇ ਵੱਖਰੇ-ਵੱਖਰੇ ਹੋਣੇ ਚਾਹੀਦੇ ਹਨ ਕਿਉਂਕਿ ਉਹਨਾਂ ਦੀਆਂ ਜ਼ਿੰਮੇਵਾਰੀਆਂ ਵੱਖਰੀਆਂ-ਵੱਖਰੀਆਂ ਹਨ। ਇਹ ਦਲੀਲ ਕਿਸੇ ਹੱਦ ਤੱਕ ਠੀਕ ਵੀ ਲੱਗਦੀ ਹੈ ਕਿਉਂ ਕਿ ਕੁੜੀਆਂ ਨੂੰ ਬੱਚੇ ਪਾਲਣ ਤੇ ਘਰ ਸੰਭਾਲਣ ਦੀ ਵਿੱਦਿਆ ਜ਼ਰੂਰ ਮਿਲਣੀ ਚਾਹੀਦੀ ਹੈ ਤਾਂ ਜੋ ਉਹ ਸੁਘੜਸੁਆਣੀਆਂ ਬਣ ਸਕਣ। ਰਾਜਨੀਤੀ, ਸਾਇੰਸ ਆਦਿ ਵਿਸ਼ੇ ਦੋਨਾਂ ਲਈ ਜ਼ਰੂਰੀ ਹਨ ਕਿਉਂ ਕਿ ਅੱਜ ਹਰ ਖੇਤਰ ਵਿੱਚ ਇਸਤਰੀਆਂ ਪੁਰਸ਼ਾਂ ਦੇ ਮੁਕਾਬਲੇ ਬਰਾਬਰ ਜ਼ਿੰਮੇਵਾਰੀਆਂ ਸੰਭਾਲ ਰਹੀਆਂ ਹਨ। ਭਾਰਤ ਵਿੱਚ ਕੁੱਝ ਅਜਿਹੀਆਂ ਇਸਤਰੀਆਂ ਜਿਵੇਂ ਕਿ ਇੰਦਰਾਂ ਗਾਂਧੀ, ਤਿਭਾ ਪਾਟਲ, ਕਲਪਨਾ ਚਾਵਲਾ ਆਦਿ ਦੇ ਨਾ ਬੜੇ ਮਾਣ ਨਾਲ ਲਏ ਜਾਂਦੇ ਹਨ।





0 likes

Published By

Kiran

kiran

Comments

Appreciate the author by telling what you feel about the post 💓

Please Login or Create a free account to comment.