ਮੰਨੋਰੰਜਕ ਘਟਨਾ

Originally published in pa
Reactions 0
600
Kiran
Kiran 24 Aug, 2019 | 1 min read

ਮੇਰੇ ਪਿਤਾ ਜੀ ਨੇ ਏਅਰ ਇੰਡੀਆ ਦੇ ਜਹਾਜ਼ ਦੀਆਂ ਕੁਝ ਦਿਨ ਪਹਿਲਾਂ ਹੀ ਸੀਟਾਂ ਬੁੱਕ ਕਰਾ ਲਈਆਂ ਸਨ। ਸਾਡੇ ਘਰ ਦੇ ਸਾਰੇ ਜੀਅ ਪਾਲਮ ਹਵਾਈ ਅੱਡੇ ਉੱਤੋਂ ਸਾਨੂੰ ਵਿਦਾਇਗੀ ਦੇਣ ਲਈ ਆਏ। ਅਸੀਂ ਸਾਰਿਆਂ ਤੋਂ ਬੜੇ ਅਪਣੱਤ ਨਾਲ ਵਿਦਾ ਹੋ ਕੇ ਠੀਕ ਸਮੇਂ ਉੱਤੇ ਜਹਾਜ਼ ਵਿਚ ਆ ਸਵਾਰ ਹੋਏ। ਹਵਾਈ ਜਹਾਜ਼ ਖਚਾਖਚ ਭਰਿਆ ਹੋਇਆ ਸੀ। ਕੁਝ ਸਮੇਂ ਵਿਚ ਹੀ ਜਹਾਜ਼ ਦਾ ਇੰਜਣ ਚਾਲ ਹੋਇਆ ਅਤੇ ਸਾਰਾ ਜਹਾਜ਼ ਕੰਬਣ ਲੱਗ ਪਿਆ। ਕੁਝ ਚਿਰ ਪਿੱਛੋਂ ਜਹਾਜ਼ ਹਵਾਈ ਅੱਡੇ ਦੀ ਪੱਟੜੀ ਉੱਤੇ ਦੌੜਨ ਲੱਗਾ ਅਤੇ ਪਲਾਂ ਵਿਚ ਹੀ ਹਵਾ ਵਿਚ ਉਡਾਰੀਆਂ ਮਾਰਨ ਲੱਗਾ। ਇਸ ਜਹਾਜ਼ ਵਿਚ ਹੋਰਨਾਂ ਦੇਸ਼ਾਂ ਦੇ ਲੋਕ ਵੀ ਸਵਾਰ ਸਨ।

ਥੋੜੇ ਸਮੇਂ ਪਿੱਛੋਂ ਹੀ ਜਹਾਜ਼ ਦੇ ਕੈਪਟਨ ਨੇ ਲਾਊਡ ਸਪੀਕਰ ਰਾਹੀਂ ਦੱਸਿਆ ਕਿ ਕੁਝ ਮਿੰਟਾਂ ਤੱਕ ਉਹਨਾਂ ਦੇ ਸੱਜੇ ਪਾਸਿਉਂ ਲਾਹੌਰ ਸ਼ਹਿਰ ਗੁਜ਼ਰੇਗਾ। ਅਸੀਂ ਚੁਕੰਨੇ ਹੋ ਕੇ ਇੱਧਰ-ਉੱਧਰ ਦੇਖਣ ਲੱਗੇ। ਸਾਨੂੰ ਲਾਹੌਰ ਤਾਂ ਨਾ ਦਿੱਸਿਆ ਪਰ ਇਕ ਗੋਲ ਜਿਹੇ ਸ਼ਹਿਰ ਨੂੰ ਦੇਖ ਕੇ ਮੇਰੇ ਪਿਤਾ ਜੀ ਨੇ ਸਮਝਿਆ ਕਿ ਇਹ ਲਾਇਲਪਰ ਹੈ, ਜੋ ਕਿ ਉਹਨਾਂ ਦਾ ਜਨਮ ਸਥਾਨ ਸੀ। ਫਿਰ ਉਹਨਾਂ ਮੈਨੂੰ ਦੱਸਿਆ ਕਿ ਉਹ ਝਨਾਂ ਦਰਿਆ ਹੈ।ਫਿਰ ਅਸਾਂ ਨੇੜੇ-ਤੇੜੇ ਸਰਕਦਾ ਜਿਹਲਮ ਦਰਿਆ ਦੇਖਿਆ। ਫਿਰ ਰੇਤਲਾ ਵੀਰਾਨ ਖੇਤਰ ਸ਼ੁਰੂ ਹੋ ਗਿਆ। ਅਸੀਂ ਭਾਵੇਂ ਸ਼ਹਿਰਾਂ ਤੇ ਥਾਵਾਂ ਦੀ ਪਹਿਚਾਣ ਨਹੀਂ ਸੀ ਕਰ ਸਕਦੇ, ਪਰ ਮੈਨੂੰ ਇਹ ਗੱਲ ਬੜਾ ਹੁਲਾਰਾ ਦੇ ਰਹੀ ਸੀ ਕਿ ਮੈਂ ਆਪਣੇ ਬਜ਼ੁਰਗਾਂ ਦੀ ਜਨਮ-ਭੂਮੀ ਉੱਪਰੋਂ ਲੰਘ ਰਿਹਾ ਸਾਂ।‘ ਅਜੇ ਸਾਨੂੰ ਦਿੱਲੀ ਤੋਂ ਉੱਡਿਆਂ ਇਕ ਘੰਟਾ ਵੀ ਨਹੀਂ ਸੀ ਹੋਇਆ ਕਿ ਸਾਡਾ ਜਹਾਜ਼ ਰੁੱਖੇ ਤੇ ਬੰਜਰ ਪਹਾੜਾਂ ਵਿਚ ਘਿਰੇ ਕਾਬਲ ਸ਼ਹਿਰ ਉੱਪਰ ਮੰਡਰਾਉਣ ਲੱਗ ਪਿਆ। ਇਸ ਸਮੇਂ ਜਹਾਜ਼ ਦੇ ਕੈਪਟਨ ਦੀ ਆਵਾਜ਼ ਆਈ ਕਿ ਕੇਵਲ ਅੱਧੇ ਘੰਟੇ ਵਿਚ ਅਸੀਂ ਰੂਸ ਵਿਚ ਦਾਖਲ ਹੋ ਜਾਵਾਂਗੇ। ਇਸ ਨਾਲ ਸਾਡੇ ਮਨ ਵਿਚ ਰੁਸੀ ਧਰਤੀ ਨੂੰ ਵੇਖਣ ਦੀ ਤਾਂਘ ਹੋਰ ਵੀ ਵੱਧ ਗਈ।

 ਕੁਝ ਦੇਰ ਮਗਰੋਂ ਹੇਠਾਂ ਕੁੰਡਲੀਆਂ ਮਾਰਦਾ ਇਕ ਦਰਿਆ ਸਿਆ, ਜਿਸ ਦੇ ਆਸੇ-ਪਾਸੇ ਹਰਿਆਲੀ ਸੀ, ਪਰ ਇਸ ਤੋਂ ਮਗਰੋਂ ਬੰਜਰ, ਰੇਗਿਸਤਾਨ ਅਤੇ ਪਹਾੜ ਸਨ। ਕਿਤੇ-ਕਿਤੇ ਨਖਲਿਸਤਾਨ ਦਿਖਾਈ ਦਿੰਦੇ ਸਨ। ਕਿਤੇ-ਕਿਤੇ ਮਨੁੱਖੀ ਸੱਭਿਅਤਾ ਅਤੇ ਉਦਯੋਗਿਕ ਆਬਾਦੀ ਦੇ ਨਿਸ਼ਾਨ ਵੀ ਦਿਸਣ ਲੱਗੇ। ਜਹਾਜ਼ ਤੀਹ ਹਜ਼ਾਰ ਫੁੱਟ ਦੀ ਉਚਾਈ ਤੇ ਉੱਡ ਰਿਹਾ ਸੀ ਅਤੇ ਕਈ ਪਹਾੜੀ ਚੋਟੀਆਂ ਘੱਟੋ-ਘੱਟ ਵੀਹ ਹਜ਼ਾਰ ਫੁੱਟ ਉੱਚੀਆਂ ਪ੍ਰਤੀਤ ਹੁੰਦੀਆਂ ਸਨ। ਅਸੀਂ ਦੇਖਿਆ ਜਹਾਜ਼ ਦੇ ਇੰਜਣਾਂ ਵਿਚੋਂ ਨਿਕਲਦੀ ਹਵਾ ਬਰਫ਼ਾਨੀ ਚੋਟੀਆਂ ਉੱਪਰ ਚਿੱਟੇ ਦੁੱਧ ਦੇ ਬੱਦਲ ਬਣ ਕੇ ਫੈਲਦੀ ਜਾ ਰਹੀ ਸੀ। ਕੈਪਟਨ ਦੀ ਘੋਸ਼ਣਾ ਤੋਂ ਸਾਨੂੰ ਇਹ ਪਤਾ ਲੱਗਾ ਕਿ ਅਸੀਂ ਹੁਣ ਸੋਵੀਅਤ ਯੂਨੀਅਨ ਦੇ ਸ਼ਹਿਰ ਸਮਰਕੰਦ ਉੱਪਰੋਂ ਗੁਜ਼ਰ ਰਹੇ ਹਾਂ। ਹੌਲੀ-ਹੌਲੀ ਪਹਾੜ ਬਿਲਕੁਲ ਖਤਮ ਹੋ ਗਏ। ਹੁਣ ਪੱਧਰਾ ਰੇਗਿਸਤਾਨ ਆ ਗਿਆ। ਕਿਤੇ-ਕਿਤੇ ਉਸ ਵਿਚ ਵੱਡੀਆਂ-ਛੋਟੀਆਂ ਝੀਲਾਂ ਦਿਖਾਈ ਦਿੰਦੀਆਂ ਸਨ।


 ਮੈਂ ਦੇਖਿਆ ਕਿ ਜਹਾਜ਼ ਦੇ ਅੰਦਰ ਇਕ ਏਅਰ ਹੋਸਟੈਂਸ ਬੜੀ ਚੁਸਤੀ ਨਾਲ ਮੁਸਾਫਰਾਂ ਦੀ ਸਹੂਲਤ ਲਈ ਕੰਮ ਕਰ ਰਹੀ ਸੀ। ਹੇਠਾਂ ਰੇਗਿਸਤਾਨ ਲਗਾਤਾਰ ਚੱਲ ਰਿਹਾ ਸੀ।ਉੱਪਰ ਬੱਦਲਾਂ ਦੀ ਤਿੱਤਰਖੰਭੀ ਪਈ ਦਿਖਾਈ ਦੇ ਰਹੀ ਸੀ। ਹੁਣ ਬਾਰਾਂ ਵੱਜ ਚੁੱਕੇ ਸਨ। ਯਾਤਰੀਆਂ ਨੇ ਏਅਰ ਹੋਸਟੈਂਸ ਵੱਲੋਂ ਪੇਸ਼ ਕੀਤਾ ਦੁਪਹਿਰ ਦਾ ਖਾਣਾ ਖਾਧਾ। ਇਸ ਤੋਂ ਬਾਅਦ ਬਹੁਤ ਸਾਰੇ ਮੁਸਾਫਰ ਸੌਂ ਗਏ। ਹੁਣ ਹੇਠਾਂ ਧਰਤੀ ਇਕ ਦਮ ਬੱਦਲਾਂ ਨਾਲ ਢੱਕੀ ਹੋਈ ਦਿੱਸ ਰਹੀ ਸੀ।

ਅੱਗੇ ਜਾ ਕੇ ਬੱਦਲਾਂ ਵਿਚ ਨਿੱਕੇ-ਨਿੱਕੇ ਸੁਰਾਖ ਦਿੱਸਣ ਲੱਗੇ ਤੇ ਉਹਨਾਂ ਵਿਚੋਂ ਹੇਠਾਂ ਪਹਾੜੀ ਵਾਦੀਆਂ, ਜੰਗਲ ਅਤੇ ਮਕਾਨ ਨਜ਼ਰੀਂ ਪੈਣ ਲੱਗੇ।

ਇਸ ਪਿੱਛੋਂ ਮੈਂ ਇਕ ਫ਼ਿਲਮੀ ਮੈਗਜ਼ੀਨ ਲੈ ਕੇ ਆਪਣੀ ਸੀਟ ਉੱਤੇ ਲੰਮਾ ਹੋ ਗਿਆ। ਮੈਨੂੰ ਨੀਂਦਰ ਆ ਗਈ। ਕੁਝ ਦੇਰ ਮਗਰੋਂ ਮੈਨੂੰ ਜਾਗ ਆਈ। ਹੁਣ ਮੇਰਾ ਸਾਹ ਸੁੱਕ ਗਿਆ ਅਤੇ ਨੱਕ ਵਿਚ ਜਲਣ ਜਿਹੀ ਹੋਣ ਲੱਗ ਪਈ। ਮੇਰੇ ਕੰਨ ਵੀ ਸੁੰਨ ਹੋ ਰਹੇ ਸਨ।

 ਇੰਨੇ ਨੂੰ ਏਅਰ ਹੋਸਟੈਂਸ ਨੇ ਮੁਸਾਫਰਾਂ ਨੂੰ ਪੇਟੀਆਂ ਬੰਨਣ ਲਈ ਕਿਹਾ। ਅਸੀਂ ਵੀ ਆਪਣੀਆਂ ਪੇਟੀਆਂ ਬੰਨ੍ਹ ਲਈਆਂ। ਜਹਾਜ਼ ਦੇ ਕਪਤਾਨ ਨੇ ਐਲਾਨ ਕੀਤਾ ਕਿ ਉਹ ਮਾਸਕੋ ਹਵਾਈ ਅੱਡੇ ਉੱਪਰ ਉੱਤਰਨ ਵਾਲੇ ਹਨ। ਜਹਾਜ਼ ਨੇ ਬੱਦਲਾਂ ਦੇ ਇਕ ਪਰਦੇ ਨੂੰ ਪਾਰ ਕੀਤਾ। ਉਹ ਆਪਣੀ ਰਫਤਾਰ ਘਟਾਉਣ ਲਈ ਪੰਛੀ ਵਾਂਗ ਆਪਣੇ ਖੰਭ ਸਮੇਟ ਰਿਹਾ ਸੀ। ਇਸ ਸਮੇਂ ਭਾਰਤੀ ਸਮੇਂ ਅਨੁਸਾਰ ਦਿਨ ਦੇ ਢਾਈ ਵੱਜੇ ਸਨ।

 ਅਖੀਰ ਜਹਾਜ਼ ਥੱਲੇ ਉੱਤਰਿਆ। ਦਰਵਾਜ਼ਾ ਖੁੱਲਿਆ ਤੇ ਅਸੀਂ ਬਾਹਰ ਨਿਕਲੇ। ਅਸੀਂ ਹੇਠਾਂ ਆ ਕੇ ਬਹੁਤ ਹੀ ਸਰਦੀ ਮਹਿਸੂਸ ਕੀਤੀ। ਮਾਸਕੋ ਨਿਵਾਸੀ ਸਾਡਾ ਤਾੜੀਆਂ ਮਾਰ-ਮਾਰ ਕੇ ਸਵਾਗਤ ਕਰ ਰਹੇ ਸਨ।

ਮੇਰੀ ਜ਼ਿੰਦਗੀ ਦੀ ਇਹ ਪਹਿਲੀ ਹਵਾਈ ਉਡਾਣ ਅਤੇ ਵਿਦੇਸ਼ ਯਾਤਰਾ ਹੋਣ ਕਰ ਕੇ ਇਹ ਮੇਰੇ ਜੀਵਨ ਦੀ ਸਭ ਤੋਂ ਮੰਨੋਰੰਜਕ ਘਟਨਾ ਹੈ।



0 likes

Published By

Kiran

kiran

Comments

Appreciate the author by telling what you feel about the post 💓

Please Login or Create a free account to comment.