ਹਰ ਮਨੁੱਖ ਲਾਵੇ ਇੱਕ ਰੁੱਖ’ ਇਹ ਸੰਦੇਸ਼ ਅਸੀਂ ਥਾਂ ਥਾਂ ਤੇ ਲਿਖਿਆ ਵੇਖਦੇ ਹਾਂ ਪਰ ਰੁੱਖਾਂ ਦੇ ਮਹੱਤਵ ਨੂੰ ਤਾਂ ਵੀ ਅਣਗੌਲਿਆਂ ਛੱਡ ਦੇਂਦੇ ਹਾਂ । ਰੁੱਖ ਦੇ ਰੂਪ ਵਿੱਚ ਪ੍ਰਮਾਤਮਾ ਨੇ ਮਨੁੱਖ ਨੂੰ ਇਕ ਐਸਾ ਤੋਹਫ਼ਾ ਦਿੱਤਾ ਹੈ ਕਿ ਵਿਅਕਤੀ ਰੱਬ ਦਾ ਧੰਨਵਾਦੀ ਹੋਏ ਬਿਨਾਂ ਨਹੀਂ ਰਹਿ ਸਕਦਾ।
ਹਰ ਮਨੁੱਖ ਨੂੰ ਕੁੱਲੀ, ਗੁੱਲੀ ਤੇ ਜੁੱਲੀ ਦੀ ਲੋੜ ਤਾਂ ਜੀਵਤ ਰਹਿਣ ਵਾਸਤੇ ਹੈ ਹੀ ਪਰ ਅਸੀਂ ਵੇਖਦੇ ਹਾਂ ਕਿ ਇਹ ਤਿੰਨੋਂ ਲੋੜਾਂ ਦੀ ਪੂਰਤੀ ਸਮੇਂ ਰੁੱਖਾਂ ਦਾ ਯੋਗਦਾਨ ਬਹੁਤ ਵੱਧ ਹੈ।
ਰਹਿਣ ਵਾਸਤੇ ਹਰ ਮਨੁੱਖ ਨੂੰ ਘਰ ਦੀ ਜਾਂ ਕੁੱਲੀ ਦੀ ਲੋੜ ਹੈ । ਰੁੱਖਾਂ ਤੋਂ ਬਿਨਾਂ ਇਹ ਲੋੜ ਪੂਰੀ ਨਹੀਂ ਹੋ ਸਕਦੀ। ਪੁਰਾਤਨ ਮਨੁੱਖ ਤਾਂ ਸਰੀਰ ਢੱਕਣ ਲਈ ਵੀ ਦਰਖਤਾਂ ਦੇ ਪੱਤੇ ਹੀ ਵਰਤਦਾ ਸੀ । ਅੱਜ ਕੱਲ੍ਹ ਮਕਾਨ ਬਣਾਉਣ ਲਈ ਅਤੇ ਫਰਨੀਚਰ ਲਈ ਲੱਕੜੀ ਦੀ ਲੋੜ ਹੈ ਜੋ ਅਸੀਂ ਸਿਰਫ਼ ਰੁੱਖਾਂ ਤੋਂ ਹੀ ਪੂਰੀ ਕਰ ਸਕਦੇ ਹਾਂ ।
‘ਰੋਟੀ ਜਾਂ ਗੁੱਲੀ ਹਰ ਮਨੁੱਖ ਦੀ ਖਾਸ ਲੋੜ ਹੈ । ਇਸ ਤੋਂ ਬਿਨਾਂ ਤਾਂ ਜੀਵਤ ਰਹਿਣ ਦਾ ਸੁਪਨਾ ਵੀ ਨਹੀਂ ਲਿਆ ਜਾ ਸਕਦਾ । ਇਹ ਲੋੜ ਅਸੀਂ ਕਣਕ, ਚੌਲ, ਗੰਨੇ ਆਦਿ ਦੀਆਂ ਫਸਲਾਂ ਰਾਹੀਂ ਹੀ ਪੂਰੀ ਕਰ ਸਕਦੇ ਹਾਂ। ਇਹ ਸਾਰੇ ਬੂਟੇ ਹੀ ਹਨ । ਗਾਂਵਾਂ, ਮੱਝਾਂ ਜੋ ਚਾਰਾ ਚਰਦੀਆਂ ਹਨ ਉਹ ਵੀ ਬਨਸਪਤੀ ਤੇ ਹੀ ਅਧਾਰਿਤ ਹੁੰਦਾ ਹੈ । ਇਸ ਪ੍ਰਕਾਰ ਉਹ ਸਾਨੂੰ ਦੁੱਧ ਦਿੰਦੀਆਂ ਹਨ, ਸੋ ਸਾਡੇ ਭੋਜਨ ਦਾ ਆਧਾਰ ਵੀ ਰੁੱਖ ਹੀ ਹਨ ।
ਤੀਜੀ ਮਨੁੱਖ ਦੀ ਲੋੜ ਤਨ ਢੱਕਣ ਦੀ ਜਾਂ ‘ਜੁੱਲੀ ਦੀ ਹੈ | ਸੂਤੀ ਕਪੜਾ ਅਸੀਂ ਕਪਾਹ ਤੋਂ ਪ੍ਰਾਪਤ ਕਰਦੇ ਹਾਂ ਜੋ ਕਿ ਇਕ ਪੌਦਾ ਹੁੰਦਾ ਹੈ । ਰੇਸ਼ਮ ਪ੍ਰਾਪਤ ਕਰਨ ਲਈ ਵੀ ਸਾਨੂੰ ਰੇਸ਼ਮ ਦੇ ਕੀੜਿਆਂ ਤੇ ਅਧਾਰਿਤ ਰਹਿਣਾ ਪੈਂਦਾ ਹੈ ਤੇ ਇਹ ਕੀੜੇ ਸ਼ਹਿਤੂਤ ਨਾਮ ਦੇ ਰੁੱਖ ਤੇ ਹੀ ਪਲਦੇ ਹਨ।
ਇਸ ਪ੍ਰਕਾਰ ਮੁਢਲੀਆਂ ਲੋੜਾਂ ਪ੍ਰਾਪਤ ਕਰਨ ਲਈ ਮਨੁੱਖ ਨੂੰ ਰੁੱਖਾਂ ਤੇ ਨਿਰਭਰ ਰਹਿਣਾ ਪੈਂਦਾ ਹੈ । ਰੁੱਖਾਂ ਕਾਰਨ ਮੌਸਮ ਵਿਚ ਕਾਫ਼ੀ ਫ਼ਰਕ ਆ ਜਾਂਦਾ ਹੈ । ਸੰਘਣੇ ਜੰਗਲਾਂ ਕਾਰਨ ਤੇਜ਼ ਚਲਦੀਆਂ ਹਨੇਰੀਆਂ ਵੀ ਥੰਮੀਆਂ ਜਾਂਦੀਆਂ ਹਨ ।
ਜ਼ਿਆਦਾ ਰੁੱਖਾਂ ਕਾਰਨ ਧਰਤੀ ਦਾ ਖੋਰ ਨਹੀਂ ਹੁੰਦਾ । ਕਿਉਂਕਿ ਰੁੱਖ ਤੇਜ਼ ਚਲਦੇ ਪਾਣੀ ਨੂੰ । ਕਾਫੀ ਹੱਦ ਤੱਕ ਠੱਲ ਲੈਂਦੇ ਹਨ, ਦਰਖਤਾਂ ਦੇ ਗਲੇ ਸੜੇ ਪੱਤੇ ਜੋ ਧਰਤੀ ਤੇ ਡਿਗਦੇ ਹਨ, ਨਾਲ ਖਾਦ ਬਣਦੀ ਹੈ ਤੇ ਧਰਤੀ ਉਪਜਾਊ ਹੁੰਦੀ ਹੈ । ਰੁੱਖਾਂ ਤੋਂ ਹੀ ਕਾਗਜ਼ ਬਣਾਇਆ ਜਾਂਦਾ ਹੈ।
ਸਾਫ਼ ਹਵਾ ਤੋਂ ਬਿਨਾਂ ਮਨੁੱਖੀ-ਜੀਵਨ ਅਸੰਭਵ ਹੈ। ਰੁੱਖਾਂ ਕਾਰਨ ਹੀ ਸਾਨੂੰ ਆਕਸੀਜਨ ਮਿਲਦੀ ਹੈ । ਸਾਡੀ ਗੰਦੀ ਹਵਾ ਕਾਰਬਨ-ਡਾਈਆਕਸਾਈਡ ਪੌਦੇ ਲੈ ਲੈਂਦੇ ਹਨ।
ਕਈ ਪ੍ਰਕਾਰ ਦੀਆਂ ਦਵਾਈਆਂ ਅਸੀਂ ਪੌਦਿਆਂ ਤੋਂ ਹੀ ਪ੍ਰਾਪਤ ਕਰਦੇ ਹਾਂ । ਕਈ ਜੜਾਂ, ਕਈ ਪੱਤੇ ਤੇ ਕਈ ਤਣੇ ਬਹੁਤ ਸਾਰੀਆਂ ਦਵਾਈਆਂ ਬਣਾਉਣ ਦੇ ਕੰਮ ਆਉਂਦੇ ਹਨ । ਕੁਨੀਨ ਅਸੀਂ ਸਿਨਕੋਨਾ ਨਾਮ ਦੇ ਦਰਖਤ ਤੋਂ ਪ੍ਰਾਪਤ ਕਰਦੇ ਹਾਂ । ਨਿੰਮ ਦੇ ਪੱਤੇ ਫੋੜੇ, ਫਿਨਸੀਆਂ ਤੇ ਖੂਨ ਦੀ ਸ਼ੁਧਤਾ ਲਈ ਵੀ ਲਾਭਦਾਇਕ ਹਨ ।
ਰੁੱਖਾਂ ਤੋਂ ਹਰ ਪ੍ਰਕਾਰ ਦੇ ਫਲ ਅਸੀਂ ਪ੍ਰਾਪਤ ਕਰਦੇ ਹਾਂ । ਸਿਹਤ ਲਈ ਫਲ ਇਕ ਜ਼ਰੂਰੀ . ਵਸਤੂ ਹਨ।
ਗੱਲ ਕੀ, ਜੀਵਨ ਦੇ ਹਰ ਖੇਤਰ ਵਿਚ ਰੁੱਖਾਂ ਦੀ ਲੋੜ ਪੈਂਦੀ ਹੈ । ਮਨੁੱਖ ਦੀਆਂ ਬਹੁਤ ਸਾਰੀਆਂ ਲੋੜਾਂ ਇਥੋਂ ਹੀ ਪੂਰੀਆਂ ਹੁੰਦੀਆਂ ਹਨ । ਸੋ ਸਾਨੂੰ ਰੁੱਖਾਂ ਨੂੰ ਅਜਾਈਂ ਹੀ ਖਰਾਬ ਨਹੀਂ ਕਰਨਾ ਚਾਹੀਦਾ | ਸਾਡਾ ਆਲਾ-ਦੁਆਲਾ ਰੁੱਖਾਂ ਕਾਰਨ ਦੀ ਸੁੰਦਰ ਹੈ ।
Comments
Appreciate the author by telling what you feel about the post 💓
No comments yet.
Be the first to express what you feel 🥰.
Please Login or Create a free account to comment.