ਪਰਮਾਤਮਾ ਦੀ ਨੇੜਤਾ ਦਾ ਅਹਿਸਾਸ, ਕੁਦਰਤੀ ਨਜ਼ਾਰੇ, ਫ਼ਲ ਖਾਣ ਦੀ ਮੌਜ, ਸਜਣ-ਸੰਵਰਨ ਦੀ ਲੋੜ ਮਹਿਸੂਸ ਨਾ ਹੋਣਾ, ਕੱਪੜਿਆਂ ਦੇ ਲਾਲਚ ਤੋਂ ਦੂਰ, ਪੈਸੇ ਇਕੱਠੇ ਕਰਨ ਦਾ ਲਾਲਚ, ਮਕਾਨ ਬਣਾਉਣ ਦੀ ਚਿੰਤਾ, ਭਰਪੂਰ ਅਜ਼ਾਦੀ, ਸਾਰ-ਅੰਸ਼ ।
ਸੁਪਨੇ ਲੈਣਾ ਸਭ ਨੂੰ ਚੰਗਾ ਲੱਗਦਾ ਹੈ।ਕਦੀ-ਕਦੀ ਅਸਮਾਨ ਵਿੱਚ ਉਡਦੇ ਪੰਛੀਆਂ ਨੂੰ ਦੇਖ ਕੇ ਮੇਰਾ ਦਿਲ ਕਰਦਾ ਹੈ ਕਿ ਮੈਂ ਪੰਛੀ ਬਣ ਜਾਵਾਂ। ਉੱਚੀਆਂ-ਉੱਚੀਆਂ ਉਡਾਰੀਆਂ ਮਾਰਾਂ। ਇਸ ਸੁਆਰਥੀ ਦੁਨੀਆਂ ਤੋਂ ਦੂਰ ਰਹਾਂ। ਮੈਂ ਪੰਛੀ ਬਣਾਂ ਤੇ ਬੱਦਲਾਂ ਤੋਂ ਉੱਚਾ ਉੱਡ ਕੇ ਪਰਮਾਤਮਾ ਦੇ ਨੇੜੇ ਪਹੁੰਚ ਜਾਵਾਂ। ਉਸ ਪਰਮਾਤਮਾ ਦੇ ਗੁਣ ਗਾਵਾਂ। ਉੱਚੇ ਮੰਡਲਾਂ ਵਿੱਚ ਪਹੁੰਚ ਕੇ ਉੱਥੇ ਪਰਮਾਤਮਾ ਨੂੰ ਵਸਦਾ ਹੋਇਆ ਦੇਖਾ ਤੇ ਉਸ ਨੂੰ ਨਮਸਕਾਰ ਕਰਾਂ । ਮੈਂ ਜ਼ਿਆਦਾ ਤੋਂ ਜ਼ਿਆਦਾ ਸਮਾਂ ਪਰਮਾਤਮਾ ਦੇ ਕੋਲ ਰਹਿ ਕੇ ਤੇ ਉਸ ਤੋਂ ਸਦਕੇ ਜਾ ਕੇ ਬਿਤਾਵਾਂ।
ਧਰਤੀ ਤੇ ਰਹਿ ਕੇ ਇਨਸਾਨ ਆਪਣੇ ਰੁਝੇਵਿਆਂ ਵਿੱਚ ਬੁਰੀ ਤਰ੍ਹਾਂ ਫਸ ਜਾਂਦਾ ਹੈ ਤੇ ਕੁਦਰਤੀ ਨਜ਼ਾਰਿਆਂ ਨੂੰ ਮਾਣਨ ਦਾ ਮੌਕਾ ਹੀ ਨਹੀਂ ਮਿਲਦਾ। ਜੇ ਮੈਂ ਪੰਛੀ ਬਣ ਜਾਵਾਂ ਤਾਂ ਮੈਂ ਹਰ ਸਮੇਂ ਕੁਦਰਤ ਦੀ ਗੋਦ ਵਿੱਚ ਹੀ ਰਹਾਂਗਾ। ਕੁਦਰਤੀ ਨਜ਼ਾਰਿਆਂ ਪਹਾੜਾਂ, ਫੁੱਲਾਂ, ਪੌਦਿਆਂ ਤੇ ਜੰਗਲਾਂ ਦਾ ਆਨੰਦ ਮਾਣਾਂਗਾ। ਕੁਦਰਤ ਦੀ ਸੁੰਦਰਤਾ ਨੂੰ ਦੇਖ ਕੇ ਉਸ ਦੀ ਰਚਨਾ ਕਰਨ ਵਾਲੇ ਰੱਬ ਦੀ ਮਹਿਮਾ ਦੇ ਗੁਣ ਗਾਵਾਂਗਾ।
ਮੈਨੂੰ ਪੰਛੀ ਬਣਨ ਤੋਂ ਬਾਅਦ ਰੋਟੀ, ਸਬਜ਼ੀ ਦੀ ਚਿੰਤਾ ਨਹੀਂ ਹੋਵੇਗੀ। ਜੇ ਮੈਨੂੰ ਭੁੱਖ ਮਹਿਸੂਸ ਹੋਵੇਗੀ ਤਾਂ ਮੈਂ ਕਿਸੇ ਵੀ ਬਾਗ਼, ਬਗੀਚੇ ਜਾਂ ਦਰਖਤ ਤੇ ਬੈਠ ਕੇ ਫ਼ਲ ਖਾ ਲਵਾਂਗਾ। ਮੈਂ ਧਰਤੀ ਤੇ ਰਹਿੰਦਿਆਂ ਦੇਖਦਾ ਹਾਂ ਕਿ ਪੰਛੀਆਂ ਨੂੰ ਵੀ ਇਨਸਾਨ ਆਪਣੇ ਸ਼ਿਕਾਰ ਬਣਾ ਲੈਂਦੇ ਹਨ। ਮੈਂ ਇਸ ਗੱਲ ਦਾ ਵੀ ਧਿਆਨ ਰੱਖਾਂਗਾ ਕਿ ਕੋਈ ਮੈਨੂੰ ਸ਼ਿਕਾਰ ਨਾ ਬਣਾਏ ਤੇ ਮੈਂ ਫਲ ਖਾ ਕੇ ਮੌਜਾ ਕਰਾਂ।
ਜੇ ਮੈਂ ਪੰਛੀ ਬਣ ਜਾਵਾਂਗਾ ਤਾਂ ਮੈਨੂੰ ਦਿਖਾਵੇ ਦੇ ਤੌਰ ਤੇ ਕੋਈ ਮੇਕ-ਅੱਪ ਦੀ ਲੋੜ ਨਹੀਂ ਹੋਵੇਗੀ। ਮੈਨੂੰ ਇਹ ਫ਼ਿਕਰ ਨਹੀਂ ਹੋਵੇਗਾ ਕਿ ਮੈਂ ਤਿਆਰ ਹੋਣਾ ਹੈ ਜਾਂ ਮੈਂ ਸੁੰਦਰ ਕੱਪੜੇ ਪਾਉਣੇ ਹਨ। ਮਨੁੱਖਾਂ ਨੂੰ ਹਮੇਸ਼ਾ ਸਜਣ-ਸੰਵਰਨ ਲਈ ਪੈਸੇ ਖ਼ਰਚ ਕਰਨੇ ਪੈਂਦੇ ਹਨ। ਕੱਪੜੇ ਸੁਆਉਣੇ, ਪ੍ਰੈੱਸ ਕਰਨੇ ਪੈਂਦੇ ਹਨ। ਮੈਂ ਪੰਛੀ ਬਣ ਕੇ ਇਸ ਚਿੰਤਾ ਤੋਂ ਮੁਕਤ ਰਹਾਂਗਾ। ਜੇ ਮੇਰਾ ਸਰੀਰ ਜਾਂ ਮੇਰੇ ਖੰਭ ਗੰਦੇ ਹੋਣਗੇ ਤਾਂ ਮੀਂਹ ਦੇ ਪਾਣੀ ਨਾਲ ਸਾਫ਼ ਹੋ ਜਾਣਗੇ ਜਾਂ ਮੈਂ ਕਿਸੇ ਤਲਾਬ ਵਿੱਚ ਡੁੱਬਕੀ ਲਾਵਾਂਗਾ ਤੇ ਆਪਣੇ ਆਪ ਨੂੰ ਸਾਫ਼ ਕਰ ਲਵਾਂਗਾ। ਮਨੁੱਖ ਦੇ ਮਹਿੰਗੇ ਕੱਪੜੇ ਵੀ ਕਈ ਵਾਰ ਉਸ ਦੀ ਸੋਭਾ ਨਹੀਂ ਵਧਾਉਂਦੇ ਪਰ ਮੇਰੇ ਖੰਭ ਮੇਰੀ ਸ਼ੋਭਾ ਵਧਾਉਂਦੇ ਰਹਿਣਗੇ।
ਮਨੁੱਖ ਨੂੰ ਕੀਮਤੀ ਕੱਪੜੇ ਪਾਉਣ ਦਾ ਬਹੁਤ ਲਾਲਚ ਹੁੰਦਾ ਹੈ। ਗਰਮੀਆਂ ਵਿੱਚ ਉਸ ਨੂੰ ਸੂਤੀ ਕੱਪੜੇ ਪਾਉਣ ਦਾ ਲਾਲਚ ਹੁੰਦਾ ਹੈ ਤੇ ਸਰਦੀਆਂ ਵਿੱਚ ਉੱਨੀ ਕੱਪੜੇ ਪਾਉਣ ਦਾ ਲਾਲਚ ਹੁੰਦਾ ਹੈ। ਮੈਨੂੰ ਇਸ ਕਿਸਮ ਦਾ ਕੋਈ ਲਾਲਚ ਨਹੀਂ ਹੋਵੇਗਾ ਤੇ ਨਾ ਹੀ ਮੈਨੂੰ ਕੁੱਝ ਖ਼ਰਚ ਕਰਨਾ ਪਵੇਗਾ। ਜੇ ਮੈਂ ਪੰਛੀ ਬਣ ਜਾਵਾਂ ਤਾਂ ਮੇਰੇ ਕੁਦਰਤੀ ਤੇ ਸੁੰਦਰ ਖੰਭ ਹੀ ਮੇਰੇ ਕੱਪੜੇ ਹੋਣਗੇ।
ਮਨੁੱਖ ਸਾਰੀ ਜ਼ਿੰਦਗੀ ਪੈਸੇ ਜੋੜਨ ਦੇ। ਲਾਲਚ ਵਿੱਚ ਫਸਿਆ ਰਹਿੰਦਾ ਹੈ। ਉਹ ਆਪ ਵੀ ਜ਼ਿੰਦਗੀ ਦੀਆਂ ਜ਼ਰੂਰਤਾਂ ਪੂਰੀਆਂ ਕਰਨ ਲਈ ਹਰ ਪਾਸੇ ਤੋਂ ਪੈਸੇ ਬਣਾਉਣ ਦੇ ਲਾਲਚ ਵਿੱਚ ਰਹਿੰਦਾ ਹੈ। ਉਹ ਜਿੰਨਾ ਵੱਧ ਕਮਾਉਂਦਾ ਹੈ ਉਸ ਦੀਆਂ ਜ਼ਰੂਰਤਾਂ ਵੀ ਵੱਧਦੀਆਂ ਜਾਂਦੀਆਂ ਹਨ। ਸਵੇਰੇ ਤੋਂ ਸ਼ਾਮ ਤੱਕ ਪੈਸੇ ਕਮਾਉਣ ਲਈ ਭਟਕਦਾ ਰਹਿੰਦਾ ਹੈ। ਉਹ ਪਹਿਲਾਂ ਬੁਨਿਆਦੀ ਲੋੜਾਂ ਪੂਰੀਆਂ ਕਰਨ ਲਈ ਕਮਾਉਂਦਾ ਹੈ, ਫਿਰ ਬੱਚਿਆਂ ਦੀ ਪੜਾਈ ਲਈ, ਬੱਚਿਆਂ ਦੇ ਵਿਆਹਾਂ ਦੇ ਖ਼ਰਚੇ ਲਈ ਤੇ ਆਪਣੇ ਬੁਢਾਪੇ ਲਈ। ਇਸ ਤਰ੍ਹਾਂ ਉਹ ਸਾਰੀ ਉਮਰ ਸੁੱਟਿਆ ਹੀ ਰਹਿੰਦਾ ਹੈ ਜੇ ਮੈਂ ਪੰਛੀ ਬਣ ਗਿਆ ਤਾਂ ਮੇਰੀਆਂ ਇਹ ਸਾਰੀਆਂ ਜ਼ਰੂਰਤਾਂ ਆਪਣੇ ਆਪ ਹੀ ਪੂਰੀਆਂ ਹੋ ਜਾਣਗੀਆਂ। ਦਰਖਤਾਂ ਦੇ ਫ਼ਲ ਮੇਰੇ ਅਹਾਰ ਦਾ ਸੋਮਾ ਬਣਨਗੇ ਤੇ ਉਹੀ ਦਰਖ਼ਤ ਮੇਰਾ ਘਰ ਹੋਣਗੇ ਤਾਂ ਮੈਨੂੰ ਪੈਸਾ ਜੋੜਨ ਦੀ ਲੋੜ ਹੀ ਨਹੀਂ ਰਹੇਗੀ। ਮੈਂ ਇਸ ਭਟਕਣਾ ਤੋਂ ਬਚਿਆ ਰਹਾਂਗਾ।
Comments
Appreciate the author by telling what you feel about the post 💓
No comments yet.
Be the first to express what you feel 🥰.
Please Login or Create a free account to comment.