ਹਫ਼ਤੇ ਦੇ ਦਿਨਾਂ ਸਬੰਧੀ ਵਹਿਮ, ਵਹਿਮਾਂ ਦੀਆਂ ਹੋਰ ਕਿਸਮਾਂ, ਭੂਤਾਂ-ਪ੍ਰੇਤਾਂ ਸਬੰਧੀ ਵਹਿਮ, ਦੂਸਰੇ ਦੇਸ਼ਾਂ ਵਿੱਚ ਵੀ ਵਹਿਮ, ਵਹਿਮ ਮਨ ਦਾ ਡਰ ਤੇ ਜ਼ਿੰਦਗੀ ਦਾ ਅੰਗ, ਸਾਰ-ਅੰਸ਼ | ਪੰਜਾਬੀ ਜੀਵਨ ਵਹਿਮਾਂ-ਭਰਮਾਂ ਨਾਲ ਭਰਪੂਰ ਹੈ। ਹਰ ਕੰਮ ਕਰਨ ਤੋਂ ਪਹਿਲਾਂ ਸ਼ਗਨਾਂ, ਅਪ-ਸ਼ਗਨਾਂ ਬਾਰੇ ਵਿਚਾਰ ਕੀਤਾ ਜਾਂਦਾ ਹੈ। ਜੇ ਕਿਸੇ ਕੰਮ ਵਿੱਚ ਰੁਕਾਵਟ ਪੈ ਜਾਵੇ ਤਾਂ ਇਹ ਖੋਜ ਕੀਤੀ ਜਾਂਦੀ ਹੈ ਕਿ ਇਸ ਕੰਮ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕੋਈ ਅਪਸ਼ਗਨ ਤਾਂ ਨਹੀਂ ਹੋਇਆ। ਵਹਿਮਾਂਭਰਮਾਂ ਦੀ ਸਮੱਸਿਆ ਹਰ ਦੇਸ਼, ਸਮਾਜ ਤੇ ਜਾਤੀ ਵਿੱਚ ਦੇਖਣ ਨੂੰ ਮਿਲਦੀ ਹੈ। ਵਹਿਮਾਂ-ਭਰਮਾਂ ਦਾ ਕੋਈ ਅਧਾਰ ਨਹੀਂ ਹੁੰਦਾ। ਸੁਣੀਆਂ ਸੁਣਾਈਆਂ ਗੱਲਾਂ ਜਾਂ ਅਪਹੁਦਰੇਪਨ ਵਿੱਚ ਆਈਆਂ ਸੋਚਾਂ ਅਤੇ ਵਿਚਾਰ ਵਹਿਮਾਂ ਵਿੱਚ ਸ਼ਾਮਲ ਹੁੰਦੇ ਹਨ।
ਐਤਵਾਰ ਵਾਲੇ ਦਿਨ ਪੰਜਾਬ ਦੇ ਬਾਣੀਏ ਹੱਟੀਆਂ ਦੁਕਾਨਾਂ) ਦੀਆਂ ਚੌਕੜੀਆਂ ਤੇ ਪੋਚਾ ਫੇਰਦੇ ਹਨ ਤੇ ਮੰਨਦੇ ਹਨ ਕਿ ਇਸ ਤਰ੍ਹਾਂ ਗਾਹਕ ਜ਼ਿਆਦਾ ਆਉਂਦੇ ਹਨ। ਸੋਮਵਾਰ ਦਾ ਦਿਨ ਸ਼ੁੱਭ ਮੰਨਿਆ ਜਾਂਦਾ ਹੈ। ਜੇ ਸੋਮਵਾਰ ਨੂੰ ਦੇਸੀ ਮਹੀਨੇ ਚੇਤ ਜਾਂ ਭਾਦਰੋ ਦੀ ਸਮਸਿਆ ਆ ਜਾਵੇ ਤਾਂ ਲੋਕ ਦੂਰ ਨੇੜੇ ਦੇ ਤੀਰਥਾਂ ਜਾਂ ਦਰਿਆਵਾਂ ਉੱਤੇ ਮਨ ਦੀਆਂ ਮੁਰਾਦਾਂ ਪੂਰੀਆਂ ਕਰਨ ਲਈ ਇਸ਼ਨਾਨ ਕਰਨ ਜਾਂਦੇ ਹਨ। ਮੰਗਲਵਾਰ ਨੂੰ ਨਵੇਂ ਘਰ ਦੀ ਨੀਂਹ ਰੱਖਣੀ ਸ਼ੁੱਭ ਸਮਝੀ ਜਾਂਦੀ ਹੈ। ਮੰਗਲਵਾਰ ਤੇ ਬੁੱਧਵਾਰ ਪਹਾੜ ਵੱਲ ਜਾਣਾ ਕੁਸ਼ਗਨ ਸਮਝਿਆ ਜਾਂਦਾ ਹੈ- ‘ਮੰਗਲ ਬੁੱਧ ਨਾ ਜਾਈਏ ਪਹਾੜ, ਜਿੱਤੀ ਬਾਜ਼ੀ ਆਈਏ ਹਾਰ।
ਵੀਰਵਾਰ ਨੂੰ ਲੋਕ ਧੀਆਂ ਨੂੰ ਘਰੋਂ ਨਹੀਂ ਤੋਰਦੇ। ਕਿਹਾ ਜਾਂਦਾ ਹੈ ਕਿ ਵੀਰਵਾਰ ਦੇ ਵਿਛੜਿਆ ਵੀਰਾਂ ਦੇ ਛੇਤੀ ਮੇਲ ਨਹੀਂ ਹੁੰਦੇ। ਸ਼ੁਕਰਵਾਰ ਦਾ ਦਿਨ ਚੰਗਾ ਮੰਨਿਆ ਜਾਂਦਾ ਹੈ ਪਰ ਕਿਸੇ ਦੇ ਘਰ ਜਾਣ ਤੇ ਵਿਆਹ ਸ਼ਾਦੀ ਲਈ ਇਹ ਦਿਨ ਲਾਭਦਾਇਕ ਨਹੀਂ ਮੰਨਿਆ ਜਾਂਦਾ ਹੈ। ਸ਼ਨੀਵਾਰ ਨੂੰ ਬੜਾ ਸਖ਼ਤ ਦਿਨ ਮੰਨਿਆ ਜਾਂਦਾ ਹੈ।
ਵਹਿਮਾਂ ਦੀਆਂ ਹੋਰ ਕਿਸਮਾਂ- ਸਾਡੇ ਸਮਾਜ ਵਿੱਚ ਇੱਕ ਆਮ ਵਹਿਮ ਹੈ ਕਿ ਸਵੇਰੇ-ਸਵੇਰੇ ਬਾਂਦਰ ਦਾ ਨਾਂ ਨਹੀਂ ਲੈਣਾ ਚਾਹੀਦਾ, ਪਰ ਕਿਸੇ ਨੂੰ ਨਹੀਂ ਪਤਾ ਕਿ ਇਸ ਦੇ ਪਿੱਛੇ ਕੀ ਕਾਰਨ ਹੈ ? ਕਿਹਾ ਜਾਂਦਾ ਹੈ ਕਿ ਗੰਗਾ ਵਿੱਚ ਇਸ਼ਨਾਨ ਕਰਨ ਨਾਲ ਤਨ-ਮਨ ਦੀ ਮੈਲ ਲੱਥ ਜਾਂਦੀ ਹੈ, ਪਰ ਇਹ ਸਮਝ ਨਹੀਂ ਆਉਂਦਾ ਕਿ ਮਨ ਦੀ ਮੈਲ ਕਿਵੇਂ ਉਤਰ ਜਾਂਦੀ ਹੈ। ਮਨ ਦੀ ਮੈਲ ਤਾਂ ਹੀ ਉਤਰੀ ਸਮਝੀ ਜਾਂਦੀ ਹੈ ਕਿ ਇਨਸਾਨ ਇੱਥੇ ਇਸ਼ਨਾਨ ਕਰਨ ਤੋਂ ਬਾਅਦ ਦੇਵਤਾ ਬਣ ਜਾਵੇ, ਪਰ ਅਜਿਹਾ ਹੁੰਦਾ ਨਹੀਂ। ਕੋਈ ਬੰਦਾ ਕੰਮ-ਕਾਰ ਲਈ ਜਾਂ ਰਿਹਾ ਹੋਵੇ ਤਾਂ ਕੋਈ ਨਿੱਛ ਮਾਰ ਦੇਵੇ ਤਾਂ ਅਪਸ਼ਗਨੀ ਮੰਨੀ ਜਾਂਦੀ ਹੈ। ਜੇ ਕੋਈ ਪਿੱਛੇ ਤੋਂ ਅਵਾਜ਼ ਮਾਰ ਦੇਵੇ ਜਾਂ ਬਿੱਲੀ ਰਸਤਾ ਕੱਟ ਦੇਵੇ ਤਾਂ ਵੀ ਬਹੁਤ ਬੁਰਾ ਮੰਨਿਆ ਜਾਂਦਾ ਹੈ ! |
ਕਈ ਲੋਕ ਸੁਫ਼ਨਿਆਂ ਉੱਤੇ ਵੀ ਵਿਸ਼ਵਾਸ ਕਰਦੇ ਹਨ। ਮੰਨਿਆ ਜਾਂਦਾ ਹੈ ਕਿ ਸੁਫ਼ਨੇ ਵਿੱਚ ਖੁਸ਼ੀ ਦੇਖੋ ਤਾਂ ਮਾੜੀ ਹੁੰਦੀ ਹੈ। ਲੋਕ ਰਾਸ਼ੀਫਲ ਤੇ ਵੀ ਬੜਾ ਭਰੋਸਾ ਕਰਦੇ ਹਨ। ਜੇ ਅਸਮਾਨ ਤੇ ਬਿਜਲੀ ਕੜਕਦੀ ਹੋਵੇ ਤਾਂ ਲੋਕ ਮਾਮੇਭਾਣਜੇ ਜਾਂ ਮਾਮੇ-ਭਾਣਜੀ ਨੂੰ ਵੱਖ ਕਰ ਦਿੰਦੇ ਹਨ। ਦੁਸਹਿਰੇ ਵਾਲੇ ਦਿਨ ‘ਗਰੜ ਦਿਖਾਈ ਦੇਵੇ ਤਾਂ ਸ਼ੁੱਭ ਸ਼ਗਨ ਮੰਨਿਆ ਜਾਂਦਾ ਹੈ। ਉੱਲੂ ਦਿਨ ਵੇਲੇ ਦਿਖਾਈ ਦੇਵੇ ਤਾਂ ਮਾੜਾ ਮੰਨਿਆ ਜਾਂਦਾ ਹੈ ਜੇ ਰਾਤ ਨੂੰ ਦਿਖਾਈ ਦੇਵੇ ਤਾਂ ਚੰਗਾ ਮੰਨਿਆ ਜਾਂਦਾ ਹੈ। ਰਾਤ ਨੂੰ ਬਿੱਲੀ ਦਾ ਬੋਲਣਾ ਮਾੜਾ ਮੰਨਿਆ ਜਾਂਦਾ ਹੈ। ਜੇ ਰਾਤ ਨੂੰ ਕੁੱਤੇ ਰੋਣ ਤਾਂ ਕਿਸੇ ਦੀ ਮੌਤ ਦਾ ਸੰਕੇਤ ਮੰਨਿਆ ਜਾਂਦਾ ਹੈ। ਪਿੰਡਾਂ ਵਿੱਚ ਲੋਕ ਰਾਤ ਨੂੰ ਦੀਵੇ ਨੂੰ ਫੂਕ ਮਾਰ ਕੇ ਨਹੀਂ ਬੁਝਾਉਂਦੇ।
ਭੂਤਾਂ-ਪ੍ਰੇਤਾਂ ਸੰਬੰਧੀ ਵਹਿਮ-ਭੂਤ ਪ੍ਰੇਤਾਂ ਦਾ ਕੋਈ ਅਧਾਰ ਨਹੀਂ ਹੈ ਪਰ ਸਾਡਾ ਸਮਾਜ ਇਹਨਾਂ ਦੀ ਹੋਂਦ ਵਿੱਚ ਵਿਸ਼ਵਾਸ ਰੱਖਦਾ ਹੈ। ਯੂਰਪ ਅਤੇ ਹੋਰ ਦੇਸ਼ਾਂ ਵਿੱਚ ਵੀ ਇਹਨਾਂ ਦੀ ਹੋਂਦਬਾਰੇ ਚਰਚਾ ਰਹਿੰਦੀ ਹੈ। ਭੂਤ-ਪ੍ਰੇਤਾਂ ਤੇ ਫ਼ਿਲਮਾਂ ਵੀ ਬਣਾਈਆਂ ਜਾਂਦੀਆਂ ਹਨ।
ਦੂਸਰੇ ਦੇਸ਼ਾਂ ਵਿੱਚ ਵੀ ਵਹਿਮ- ਵਹਿਮਾਂ ਭਰਮਾਂ ਦੀ ਸਮੱਸਿਆ ਕੇਵਲ ਭਾਰਤ ਵਿੱਚ ਹੀ ਨਹੀਂ ਸਗੋਂ ਦੂਸਰੇ ਦੇਸ਼ਾਂ ਵਿੱਚ ਵੀ ਹੈ। ਇੰਗਲੈਂਡ ਅਤੇ ਫਰਾਂਸ ਵਿੱਚ 13ਦੇ ਅੰਕ ਨੂੰ ਅਸ਼ੁੱਭ ਮੰਨਿਆ ਜਾਂਦਾ ਹੈ। ਉੱਥੇ 12 ਤੋਂ ਬਾਅਦ 14 ਨੰਬਰ ਆਉਂਦਾ ਹੈ। ਉੱਥੇ ਘਰਾਂ ਦੇ ਨੰਬਰ, ਕਾਰਾਂ ਦੇ ਨੰਬਰ ਜਾਂ ਹੋਟਲਾਂ ਦੇ ਕਮਰਿਆਂ ਦੇ ਨੰਬਰ 13 ਨਹੀਂ ਰੱਖੇ ਜਾਂਦੇ। ਚੰਡੀਗੜ੍ਹ ਦਾ ਨਕਸ਼ਾ ਵੀ ਫ਼ਰਾਂਸੀਸੀ ਇੰਜੀਨੀਅਰ ਨੇ ਤਿਆਰ ਕੀਤਾ ਸੀ। ਇਸ ਸ਼ਹਿਰ ਵਿੱਚ 13 ਸੈਕਟਰ ਨਹੀਂ ਬਣਾਇਆ ਗਿਆ। ਹਰ ਦੋ ਸੈਕਟਰਾਂ ਦਾ ਅੰਤਰ 13 ਜ਼ਰੂਰ ਰੱਖਿਆ ਹੈ।
ਵਹਿਮ-ਭਰਮ ਮਨ ਦਾ ਡਰ ਤੇ ਜ਼ਿੰਦਗੀ ਦਾ ਅੰਗ- ਮਨੁੱਖੀ ਸਮਾਜ ਵਿੱਚ ਵਹਿਮਾਂ ਭਰਮਾਂ ਦੀ ਸਮੱਸਿਆ ਬੜੀ ਗੰਭੀਰ ਹੈ ਇਹਨਾਂ ਦਾ ਕੋਈ ਸਪੱਸ਼ਟ ਅਧਾਰ ਨਹੀਂ ਹੈ ਤੇ ਨਾ ਹੀ ਵਿਗਿਆਨਿਕ ਤੌਰ ਤੇ ਕਿਸੇ ਨਾਲ ਜੁੜੇ ਹਨ। ਮਨੁੱਖ ਦੇ ਮਨ ਵਿੱਚ ਕੇਵਲ ਇਸ ਪ੍ਰਤੀ ਡਰ ਬੈਠਿਆ ਹੋਇਆ ਹੈ। ਪੁਰਾਤਨ ਲੋਕ ਅੱਗ, ਹਵਾ, ਪਾਣੀ ਤੇ ਸੂਰਜ ਦੀ ਪੂਜਾ ਕਰਦੇ ਸਨ ਕਿਉਂਕਿ ਉਹ ਇਹਨਾਂ ਚੀਜ਼ਾਂ ਤੋਂ ਡਰਦੇ ਸਨ। ਨਵੀਨ ਪੀੜੀ ਨੇ ਇਹ ਵਹਿਮ-ਭਰਮ ਮਿਟਾਉਣ ਦੀ ਕੋਸ਼ਸ਼ ਕੀਤੀ ਹੈ ਪਰ ਫਿਰ ਵੀ ਮਨੁੱਖ ਇਸ ਨਾਲ ਜੁੜੇ ਹੀ ਹੋਏ ਹਨ। ਅੱਜ ਵੀ ਲੋਕ ਰਾਤ ਨੂੰ ਝਾੜੂ ਨਹੀਂ ਫੇਰਦੇ। ਚੂਹੇ ਨੂੰ ਕਦੀ ਗਾਲ ਨਹੀਂ ਕੱਢੀ ਜਾਂਦੀ ਹੈ। ਇਹ ਸਾਡੀ ਜਿੰਦਗੀ ਦਾ ਅੰਗ ਬਣ ਚੁੱਕੇ ਹਨ।
ਸਾਰ-ਅੰਸ਼- ਮੁਕਦੀ ਗੱਲ ਤਾਂ ਇਹ ਹੈ ਕਿ ਕੇਵਲ ਪੁਰਾਣੀ ਪੀੜ੍ਹੀ ਹੀ ਨਹੀਂ ਸਗੋਂ 60% ਨਵੀਂ ਪੀੜ੍ਹੀ ਵੀ ਵਹਿਮਾਂ-ਭਰਮਾਂ ਵਿੱਚ ਫਸੀ ਹੋਈ ਹੈ। ਕਈ ਵਾਰ ਨਵੀਂ ਪੀੜ੍ਹੀ ਦੇ ਲੋਕ ਇਸ ਦਾ ਵਿਰੋਧ ਵੀ ਕਰਦੇ ਹਨ ਪਰ ਉਹ ਆਪਣੇ ਵੱਡੇਵਡੇਰਿਆਂ ਦੀਆਂ ਭਾਵਨਾਵਾਂ ਦਾ ਸ਼ਿਕਾਰ ਹੋ ਕੇ ਇਹਨਾਂ ਨੂੰ ਮੰਨਣਾ ਸ਼ੁਰੂ ਕਰ ਦਿੰਦੇ ਹਨ। ਨਜ਼ਰ ਲੱਗਣਾ, ਮੰਗਲ ਦੋਸ਼ ਆਦਿ ਸਭ ਗੱਲਾਂ ਵਿਅਰਥ ਹਨ। ਵਿਗਿਆਨ ਨੇ ਇੰਨੀ ਤਰੱਕੀ ਕਰ ਲਈ ਹੈ ਅਸੀਂ ਅਜੇ ਵੀ ਵਹਿਮ-ਭਰਮਾਂ ਦੀਆਂ ਸਮੱਸਿਆਵਾਂ ਵਿੱਚ ਫਸੇ ਹੋਏ ਹਾਂ। ਵਰਤਮਾਨ ਪੀੜੀ ਕਿਸੇ ਵੀ ਵਹਿਮ-ਭਰਮ ਨੂੰ ਵਿਗਿਆਨਿਕ ਨਜਰ ਨਾਲ ਪਰਖਦੀ ਹੈ। ਵਿੱਦਿਆ ਦੇ ਪਸਾਰ ਨਾਲ ਵਹਿਮਭਰਮ ਅਲੋਪ ਹੁੰਦੇ ਜਾ ਰਹੇ ਹਨ। ਜਿਹੜਾ ਮਨੁੱਖ ਵਹਿਮਾਂ-ਭਰਮਾਂ ਵਿੱਚ ਫਸਿਆ ਰਹਿੰਦਾ ਹੈ, ਉਸ ਨੂੰ ਕੋਈ-ਨਾ-ਕੋਈ ਚਿੰਤਾ ਸਤਾਉਂਦੀ ਹੀ ਰਹਿੰਦੀ ਹੈ। ਸੋ ਇਹਨਾਂ ਤੋਂ ਦੂਰ ਹੀ ਰਹਿਣਾ ਚਾਹੀਦਾ ਹੈ।
Comments
Appreciate the author by telling what you feel about the post 💓
No comments yet.
Be the first to express what you feel 🥰.
Please Login or Create a free account to comment.